ਫਿਲੀਪੀਨਜ਼ ਵਿਚ ਤੂਫਾਨ ਮੈਨ-ਯੀ (ਪੇਪਿਟੋ) ਕਾਰਨ ਬੀਕੋਲ ਖੇਤਰ ਦੇ ਲਗਭਗ 255,000 ਲੋਕਾਂ ਬੇਘਰ ਹੋਏ ਹਨ। ਫਿਲਸਟਾਰ ਅਖਬਾਰ ਨੇ ਸ਼ਨੀਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਇਹ ਜਾਣਕਾਰੀ ਦਿੱਤੀ। ਤੂਫਾਨ ਦੇ ਸ਼ਨੀਵਾਰ ਜਾਂ ਐਤਵਾਰ ਨੂੰ ਬੀਕੋਲ ਖੇਤਰ ਦੇ ਕੈਟੈਂਡੁਨੇਸ ਟਾਪੂ ਨਾਲ ਟਕਰਾਉਣ ਦੀ ਸੰਭਾਵਨਾ ਸੀ ਅਤੇ ਇਸਦੀ ਵੱਧ ਤੋਂ ਵੱਧ ਹਵਾ ਦੀ ਗਤੀ ਪਹਿਲਾਂ ਹੀ 215 ਕਿਲੋਮੀਟਰ ਪ੍ਰਤੀ ਘੰਟਾ (133 ਮੀਲ ਪ੍ਰਤੀ ਘੰਟਾ) ਤੱਕ ਪਹੁੰਚ ਗਈ ਸੀ।
ਜ਼ਮੀਨ ਖਿਸਕਣ, ਹੜ੍ਹਾਂ ਅਤੇ ਤੂਫਾਨ ਕਾਰਨ ਸਭ ਤੋਂ ਕਮਜ਼ੋਰ ਖੇਤਰਾਂ ਵਿੱਚ ਰਹਿਣ ਵਾਲੇ ਹਜ਼ਾਰਾਂ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ। ਮੈਨ-ਯੀ ਪਿਛਲੇ ਇਕ ਮਹੀਨੇ ਵਿਚ ਫਿਲੀਪੀਨਜ਼ ਵਿੱਚ ਆਉਣ ਵਾਲਾ ਛੇਵਾਂ ਤੂਫ਼ਾਨ ਹੈ। ਇਸ ਹਫਤੇ ਦੇ ਸ਼ੁਰੂ ਵਿਚ ਉੱਤਰੀ ਫਿਲੀਪੀਨਜ਼ ਦੇ ਲੁਜੋਨ ਟਾਪੂ ਦੇ ਤੱਟੀ ਖੇਤਰ ਵਿਚ ਤੂਫਾਨ ਉਸਾਗੀ ਕਾਰਨ ਹਜ਼ਾਰਾਂ ਲੋਕ ਉਥੋਂ ਭੱਜਣ ਲਈ ਮਜਬੂਰ ਹੋਏ ਸਨ। ਅਕਤੂਬਰ ਦੇ ਅਖੀਰ ਵਿੱਚ, ਫਿਲੀਪੀਨਜ਼ ਵਿੱਚ ਤੂਫਾਨ ਟਰਾਮੀ ਅਤੇ ਸੁਪਰ ਟਾਈਫੂਨ ਕੋਂਗ-ਰੇ ਕਾਰਨ ਘੱਟੋ-ਘੱਟ 145 ਲੋਕ ਮਾਰੇ ਗਏ ਸਨ। ਦੇਸ਼ ਭਰ ‘ਚ ਖਰਾਬ ਮੌਸਮ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 70 ਲੱਖ ਨੂੰ ਪਾਰ ਕਰ ਗਈ ਹੈ। ਨਵੰਬਰ ਦੇ ਸ਼ੁਰੂ ਵਿੱਚ, ਯਿੰਕਸਿੰਗ ਅਤੇ ਤੋਰਾਜੀ ਤੂਫਾਨ ਫਿਲੀਪੀਨਜ਼ ਵਿੱਚ ਆਏ, ਜਿਸ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ।