ਫਿਲੀਪੀਨਜ਼ ਵਿੱਚ ਇਸ ਸਾਲ ਜਨਵਰੀ ਤੋਂ ਪਹਿਲੀ ਜੂਨ ਤੱਕ ਡੇਂਗੂ ਕਾਰਨ 197 ਲੋਕਾਂ ਦੀ ਜਾਨ ਚਲੀ ਗਈ। ਸਿਹਤ ਵਿਭਾਗ (DOH) ਨੇ ਕਿਹਾ ਕਿ 1 ਜਨਵਰੀ ਤੋਂ 1 ਜੂਨ ਤੱਕ ਡੇਂਗੂ ਦੇ ਲਗਭਗ 70,500 ਮਾਮਲੇ ਸਾਹਮਣੇ ਆਏ ਹਨ।
ਉਨ੍ਹਾਂ ਕਿਹਾ ਕਿ ਹਰ ਹਫ਼ਤੇ ਡੇਂਗੂ ਦੇ ਨਵੇਂ ਕੇਸਾਂ ਦੀ ਵੱਧ ਰਹੀ ਗਿਣਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਪਹਿਲਾਂ ਹੇਠਾਂ ਜਾਣ ਵਾਲਾ ਰੁਝਾਨ ‘ਹੁਣ ਸਥਿਰ ਹੋਣਾ ਸ਼ੁਰੂ ਹੋ ਗਿਆ ਹੈ’।
ਸਿਹਤ ਵਿਭਾਗ ਨੇ ਨੋਟ ਕੀਤਾ ਕਿ ਮੁੱਖ ਲੁਜੋਨ ਟਾਪੂ ਦੇ ਉੱਤਰੀ ਹਿੱਸੇ ਅਤੇ ਦੱਖਣੀ ਫਿਲੀਪੀਨਜ਼ ਦੇ ਸੱਤ ਖੇਤਰਾਂ ਵਿੱਚ ਹਾਲ ਹੀ ਦੇ ਤਿੰਨ ਤੋਂ ਚਾਰ ਹਫ਼ਤਿਆਂ ਵਿੱਚ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਮੌਸਮ ਬਿਊਰੋ ਨੇ ਕਿਹਾ ਕਿ ਫਿਲੀਪੀਨਜ਼ ਵਿੱਚ 29 ਜੂਨ ਤੋਂ ਮੀਂਹ ਸ਼ੁਰੂ ਹੋਣ ਦੀ ਸੰਭਾਵਨਾ ਹੈ। ਸਿਹਤ ਮੰਤਰੀ ਟੇਓਡੋਰੋ ਹਰਬੋਸਾ ਨੇ ਕਿਹਾ, “ਇਕ ਜਗ੍ਹਾ ਇਕੱਠੇ ਹੋਏ ਪਾਣੀ ਨਾਲ ਮੱਛਰਾਂ ਦੀ ਗਿਣਤੀ ਵਧ ਜਾਂਦੀ ਹੈ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦੇਣ।”