ਮਨੀਲਾ, ਫਿਲੀਪੀਨਜ਼ — ਪਾਰਾਨਿਆਕੇ ਦੇ ਸਰਕਾਰੀ ਸਕੂਲ ਵਿੱਚ 14 ਸਾਲਾ ਗ੍ਰੇਡ-8 ਦੀ ਵਿਦਿਆਰਥਣ ਨੂੰ ਮੇਕਅੱਪ ਕਿੱਟ ਨਾ ਦੇਣ ‘ਤੇ ਉਸਦੇ ਹੀ ਕਲਾਸਮੇਟ ਨੇ ਬੁੱਧਵਾਰ ਨੂੰ ਚਾਕੂ ਮਾਰ ਕੇ ਮਾਰ ਦਿੱਤਾ।
ਪੁਲਿਸ ਮੁਤਾਬਕ ਪੀੜਿਤਾ ਦੀ ਮੌਤ ਪਾਰਾਨਿਆਕੇ ਹਸਪਤਾਲ ਵਿੱਚ ਚਾਰ ਵਾਰ ਚਾਕੂ ਮਾਰੇ ਜਾਣ ਕਾਰਨ ਹੋਈ।
ਜਾਂਚ ਦੌਰਾਨ ਪਤਾ ਲੱਗਿਆ ਕਿ ਮੂਨਵਾਕ ਨੈਸ਼ਨਲ ਹਾਈ ਸਕੂਲ ਦੀ ਇਸ ਵਿਦਿਆਰਥਣ ਨੇ ਪਹਿਲਾਂ ਹੀ ਆਪਣੀ ਮਾਂ ਨੂੰ ਦੱਸਿਆ ਸੀ ਕਿ ਉਸਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।
ਪਾਰਾਨਿਆਕੇ ਪੁਲਿਸ ਦੇ ਸਹਾਇਕ ਮੁਖੀ (ਓਪਰੇਸ਼ਨਜ਼) ਕਰਨਲ ਐਰਿਕ ਲਿਆਗਸ ਅੰਗੁਸਤੀਆ ਨੇ ਮੀਡੀਆ ਨੂੰ ਦੱਸਿਆ, “ਮੁਲਜ਼ਮ ਨੇ ਪੀੜਿਤਾ ਤੋਂ ਮੇਕਅੱਪ ਕਿੱਟ ਮੰਗੀ ਸੀ, ਜਿਸ ਨੂੰ ਦੇਣ ਤੋਂ ਉਸਨੇ ਮਨ੍ਹਾ ਕਰ ਦਿੱਤਾ ਸੀ, ਜਿਸ ਕਰਕੇ ਉਸਦਾ ਕਤਲ ਕੀਤਾ ਗਿਆ।”
ਕਰਨਲ ਅੰਗੁਸਤੀਆ ਨੇ ਕਿਹਾ ਕਿ 14 ਸਾਲਾ ਮੁਲਜ਼ਮ ਨੂੰ ਸਮਾਜਿਕ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।
ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਕਲਾਸਮੇਟ, ਜਿਸ ਵਿੱਚ ਪੀੜਿਤਾ ਵੀ ਸ਼ਾਮਲ ਸੀ, ਉਸਨੂੰ ਤੰਗ ਕਰਦੇ ਸਨ।
ਜਾਂਚ ਅਧਿਕਾਰੀਆਂ ਦੇ ਮੁਤਾਬਕ ਮੁਲਜ਼ਮ ਨੇ ਆਪਣੇ ਬੈਗ ‘ਚੋਂ 10 ਇੰਚ ਦਾ ਕਿਚਨ ਚਾਕੂ ਕੱਢ ਕੇ ਪੀੜਿਤਾ ‘ਤੇ ਹਮਲਾ ਕਰ ਦਿੱਤਾ।
ਸਕੂਲ ਨੇ ਇਸ ਘਟਨਾ ਨੂੰ “ਇੱਕ ਅਲੱਗ-ਥਲੱਗ ਮਾਮਲਾ” ਕਹਿੰਦੇ ਹੋਏ ਵਿਦਿਆਰਥਣ ਦੀ ਮੌਤ ‘ਤੇ ਸੋਗ ਪ੍ਰਗਟ ਕੀਤਾ ਹੈ।