ਭਦੌੜ ਵਾਸੀ ਇਕ ਲੜਕਾ, ਜੋ ਮਨੀਲਾ ’ਚ ਗਿਆ ਹੋਇਆ ਸੀ ਤੇ ਪਿਛਲੇ ਇਕ ਹਫ਼ਤੇ ਤੋਂ ਲਾਪਤਾ ਸੀ, ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਹੁਣ ਜਾਣਕਾਰੀ ਮਿਲੀ ਹੈ ਕਿ ਉਸ ਨੂੰ ਅਗਵਾ ਕਰ ਲਿਆ ਗਿਆ ਸੀ ਤੇ ਇਕ ਹਫ਼ਤੇ ਬਾਅਦ ਅਗਵਾਕਾਰਾਂ ਨੇ ਉਸ ਨੂੰ ਪਹਾੜੀ ’ਤੇ ਛੱਡ ਦਿੱਤਾ ਤੇ ਫ਼ਰਾਰ ਹੋ ਗਏ। ਲੜਕੇ ਦੇ ਪਰਿਵਾਰਕ ਮੈਂਬਰਾਂ ਮਾਤਾ ਨਸੀਬ ਕੌਰ ਤੇ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾ ਦਾ ਪੁੱਤਰ ਚਾਰ ਸਾਲ ਪਹਿਲਾਂ ਮਨੀਲਾ ਭੇਜਿਆ ਸੀ। ਉਨ੍ਹਾਂ ਦੇ ਜਾਣ-ਪਛਾਣ ਵਾਲਿਆਂ ਨੇ ਹੀ ਉਨ੍ਹਾਂ ਨੂੰ ਬੁਲਾਇਆ ਸੀ ਤੇ ਫਾਇਨਾਂਸ ਦਾ ਕੰਮ ਦਿੱਤਾ ਸੀ। ਲੜਕਾ ਕੰਮ ਕਰਨ ’ਚ ਚੰਗਾ ਸੀ ਤੇ ਕਿਸੇ ਨਾਲ ਘੱਟ ਹੀ ਬੋਲਦਾ ਸੀ। ਪਿਛਲੇ ਐਤਵਾਰ ਉਨ੍ਹਾਂ ਦੇ ਲੜਕੇ ਬੇਅੰਤ ਸਿੰਘ ਨੇ ਆਪਣੀ ਮਾਤਾ ਨੂੰ ਗੁੱਡ ਮਾਰਨਿੰਗ ਦਾ ਮੈਸੇਜ ਭੇਜਿਆ ਤੇ ਬਾਅਦ ’ਚ ਕੋਈ ਸੰਪਰਕ ਨਹੀਂ ਹੋਇਆ। ਪਰਿਵਾਰ ਨੇ ਉੱਥੇ ਗੱਲਬਾਤ ਕੀਤੀ ਤਾਂ ਉੱਥੇ ਨਾਲ ਦੇ ਲੜਕੇ ਵੀ ਉਸ ਦੀ ਭਾਲ ਕਰਨ ਲੱਗੇ। ਉਨ੍ਹਾ ਦੱਸਿਆ ਕਿ ਜਲੰਧਰ ਵਾਸੀ ਸੁਦਾਗਰ ਸਿੰਘ, ਜਿਸ ਦਾ ਮਨੀਲਾ ’ਚ ਚੰਗਾ ਕੰਮ ਹੈ, ਉਨ੍ਹਾਂ ਨੇ ਉੱਥੇ ਲੜਕੇ ਦੀ ਫੋਟੋ ਵਾਇਰਲ ਕੀਤੀ ਤੇ ਪੋਸਟ ਲਗਾ ਦਿੱਤੀ, ਪੁਲਿਸ ਸਟੇਸ਼ਨ ਵੀ ਗਏ। ਵੀਡਿਓ ਵਾਇਰਲ ਹੋਣ ਤੋਂ ਬਾਅਦ ਬੇਅੰਤ ਸਿੰਘ ਨੂੰ ਅਗਵਾਕਾਰ ਛੱਡ ਕੇ ਫ਼ਰਾਰ ਹੋ ਗਏ। ਸੁਦਾਗਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਬੇਅੰਤ ਸਿੰਘ ਪਾਗਲਾਂ ਵਾਂਗ ਘੁੰਮ ਰਿਹਾ ਸੀ ਤਾਂ ਉਸ ਦਾ ਸਾਥੀ ਉਸ ਨੂੰ ਨਾਲ ਲੈ ਕੇ ਉਸ ਕੋਲ ਪਹੁੰਚਿਆ ਤਾਂ ਪਤਾ ਲੱਗਿਆ ਉਹ ਬੇਅੰਤ ਸਿੰਘ ਹੈ। ਉਨ੍ਹਾਂ ਉਸ ਨੂੰ ਖਾਣਾ ਦਿੱਤਾ ਤੇ ਸੰਭਾਲ ਕੀਤੀ ਤੇ ਬਾਅਦ ’ਚ ਪਰਿਵਾਰ ਨਾਲ ਗੱਲਬਾਤ ਕਰਵਾਈ। ਇਸ ਸਬੰਧੀ ਬੇਅੰਤ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਰੋਜ਼ਾਨਾ ਗੁਰਦੁਆਰਾ ਸਾਹਿਬ ’ਚ ਮੱਥਾ ਟੇਕਣ ਜਾਂਦਾ ਸੀ ਤੇ ਉਸ ਦਿਨ ਵੀ ਉਹ ਜਦ ਗੁਰਦੁਆਰਾ ਸਾਹਿਬ ਗਿਆ ਤਾਂ ਉਸ ਕੋਲ ਇੱਕ ਲੜਕਾ ਆਇਆ, ਜੋ ਪੰਜਾਬੀ ਸੀ ਤੇ ਬੋਲਿਆ ਕਿ ਉਸ ਦਾ ਮੋਟਰਸਾਇਕਲ ਖ਼ਰਾਬ ਹੋ ਗਿਆ ਤੇ ਉਸ ਨੂੰ ਉਹ ਮੋਟਰਸਾਈਕਲ ’ਤੇ ਛੱਡ ਆਵੇ। ਬੇਅੰਤ ਸਿੰਘ ਨੇ ਉਸ ਨੂੰ ਲਿਫਟ ਦਿੱਤੀ ਤੇ ਉਸ ਦੀ ਦੱਸੀ ਜਗ੍ਹਾ ’ਤੇ ਪਹੁੰਚ ਗਿਆ, ਜਿੱਥੇ ਤਿੰਨ-ਚਾਰ ਹੋਰ ਵਿਅਕਤੀ ਸਨ, ਜੋ ਪੰਜਾਬੀ ਲੱਗ ਰਹੇ ਸੀ। ਉੱਥੇ ਉਨ੍ਹਾਂ ਨੇ ਉਸ ਦੇ ਸਿਰ ’ਤੇ ਗੰਨ ਰੱਖ ਕੇ ਉਸ ਨੂੰ ਬੰਦੀ ਬਣਾ ਲਿਆ ਤੇ ਉਸ ਦੀਆਂ ਅੱਖਾਂ ਬੰਦ ਕਰ ਦਿੱਤੀਆਂ ਤੇ ਉੱਠੀ ਪਹਾੜੀ ’ਤੇ ਲੈ ਗਏ। ਪੰਜ ਦਿਨ ਤੱਕ ਉਸ ਦੇ ਹੱਥ ਤੇ ਪੈਰ ਬੰਨ੍ਹੇ ਰੱਖੇ ਤੇ ਕੁੱਝ ਖਾਣ-ਪੀਣ ਨੂੰ ਨਹੀਂ ਦਿੱਤਾ। ਅਗਲੇ ਦਿਨ ਅੱਖਾਂ ’ਤੇ ਪੱਟੀ ਬੰਨ੍ਹ ਕੇ ਪਹਾੜੀ ’ਤੇ ਛੱਡ ਕੇ ਫ਼ਰਾਰ ਹੋ ਗਏ। ਉਸ ਨੂੰ ਕੁੱਝ ਪਤਾ ਨਹੀਂ ਲੱਗ ਰਿਹਾ ਸੀ। ਉਸ ਦਾ ਮੋਟਰਸਾਈਕਲ ਤੇ ਮੋਬਾਈਲ ਫੋਨ ਖੋਹ ਲਿਆ ਸੀ। ਸੁਦਾਗਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਬੇਅੰਤ ਸਿੰਘ ਨੂੰ ਫਿਰੌਤੀ ਦੀ ਮੰਗ ਨੂੰ ਲੈ ਕੇ ਅਗਵਾਹ ਕੀਤਾ ਹੋ ਸਕਦਾ ਹੈ। ਜੋ ਵੀਡੀਓ ਵਾਇਰਲ ਹੋਣ ਦੇ ਬਾਅਦ ਡਰ ਗਏ ਤੇ ਫੜੇ ਜਾਣ ਦੇ ਡਰੋਂ ਬੇਅੰਤ ਸਿੰਘ ਨੂੰ ਛੱਡ ਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੇਅੰਤ ਦੀ ਮਦਦ ਲਈ ਉਨ੍ਹਾਂ ਕੋਲ ਬਹੁਤ ਫੋਨ ਆਏ। ਉਹ ਬੇਅੰਤ ਸਿੰਘ ਨੂੰ ਆਪਣੇ ਖਰਚ ’ਤੇ ਪੰਜਾਬ ਭੇਜ ਰਹੇ ਹਨ। ਬੇਅੰਤ ਸਿੰਘ ਦੇ ਮਾਤਾ-ਪਿਤਾ ਨੇ ਸੁਦਾਗਰ ਸਿੰਘ ਤੇ ਮੱਦਦ ਕਰਨ ਵਾਲਿਆਂ ਦਾ ਧੰਨਵਾਦ ਕੀਤਾ ਤੇ ਮੰਗ ਕੀਤੀ ਕਿ ਬੇਅੰਤ ਸਿੰਘ ਨੂੰ ਜਲਦ ਪੰਜਾਬ ਭੇਜਿਆ ਜਾਵੇ।
