ਸੰਤ ਸੀਚੇਵਾਲ ਦੇ ਯਤਨਾਂ ਸਦਕਾ 32 ਮ੍ਰਿਤਕ ਦੇਹਾਂ ਪਰਿਵਾਰਾਂ ਤੱਕ ਪਹੁੰਚੀਆਂਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਫਿਲੀਪਾਈਨ ਦੀ ਰਾਜਧਾਨੀ ਮਨੀਲਾ ‘ਚ 15 ਅਗਸਤ ਨੂੰ ਅਕਾਲਾ ਚਲਾਣਾ ਕਰ ਗਏ ਪਰਵਾਸੀ ਪੰਜਾਬੀ ਕੁਲਦੀਪ ਲਾਲ ਦੀ ਮ੍ਰਿਤਕ ਦੇਹ ਦਾ ਪਿੰਡ ਦੇ ਸ਼ਮਸ਼ਾਨਘਾਟ ‘ਚ ਸਸਕਾਰ ਕੀਤਾ ਗਿਆ।
ਕੁਲਦੀਪ ਲਾਲ 18 ਮਹੀਨੇ ਪਹਿਲਾਂ ਮਨੀਲਾ ਗਿਆ ਸੀ। ਕੁਲਦੀਪ ਲਾਲ ਦੀ ਲਾਸ਼ ਪਿੰਡ ਪਹੁੰਚਣ ‘ਤੇ ਮਾਹੌਲ ਬਹੁਤ ਹੀ ਸੋਗ ਮਈ ਸੀ ਤੇ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਹ ਕਈ ਦਿਨਾਂ ਤੋਂ ਲਾਸ਼ ਦੀ ਉਡੀਕ ‘ਚ ਸਨ। ਅੱਜ ਬਾਅਦ ਦੁਪਹਿਰ ਪਿੰਡ ਦੇ ਸ਼ਮਸ਼ਾਨਘਾਟ ‘ਚ ਕੁਲਦੀਪ ਲਾਲ ਦਾ ਪੰਜ ਭੂਤਕ ਸਰੀਰ ਅਗਨੀ ਭੇਟ ਕੀਤਾ ਗਿਆ।
ਮ੍ਰਿਤਕ ਕੁਲਦੀਪ ਲਾਲ ਦੀ ਵਿਧਵਾ ਪਤਨੀ ਭਜਨ ਕੌਰ ਨੇ ਆਰਥਿਕ ਤੰਗੀਆਂ ਦੇ ਚੱਲਦਿਆਂ ਆਪਣੇ ਪਤੀ ਦੀ ਲਾਸ਼ ਪਿੰਡ ਮੰਗਵਾਉਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕਰ ਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਵੱਲੋਂ ਵਿਦੇਸ਼ ਮੰਤਰਾਲੇ ਤੱਕ ਪਹੁੰਚ ਕਰ ਕੇ ਪੀੜਤ ਪਰਿਵਾਰ ਦੀ ਮਦਦ ਕਰਨ ਲਈ ਪੱਤਰ ਲਿਖਿਆ ਸੀ। ਜਿਸ ‘ਤੇ ਮੰਤਰਾਲੇ ਤੇ ਭਾਰਤੀ ਦੂਤਾਵਾਸ ਵੱਲੋਂ ਤੁਰੰਤ ਕੀਤੀ ਕਾਰਵਾਈ ਸਦਕਾ ਕੁਲਦੀਪ ਲਾਲ ਦੀ ਮ੍ਰਿਤਕ ਦੇਹ ਮਹੀਨੇ ਦੇ ਅੰਦਰ-ਅੰਦਰ ਭਾਰਤ ਪਹੁੰਚੀ। ਪੀੜਤ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਉਹ ਕੁਲਦੀਪ ਲਾਲ ਦੀਆਂ ਆਖਰੀ ਰਸਮਾਂ ਆਪਣੇ ਹੱਥੀ ਕਰ ਸਕੇ ਹਨ। ਜਾਣਕਾਰੀ ਮੁਤਾਬਕ ਹੁਣ ਤੱਕ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ 32 ਦੇ ਕਰੀਬ ਮ੍ਰਿਤਕ ਦੇਹਾਂ ਨੂੰ ਭਾਰਤ ਵਾਪਸ ਉਨ੍ਹਾਂ ਦੇ ਪਰਿਵਾਰਾਂ ਤੱਕ ਪਹੁੰਚਾਇਆ ਜਾ ਚੁੱਕਾ ਹੈ। ਜਿਨ੍ਹਾਂ ਦੀ ਵਿਦੇਸ਼ਾਂ ‘ਚ ਕਿਸੇ ਨਾ ਕਿਸੇ ਕਾਰਨਾਂ ਕਾਰਨ ਮੌਤ ਹੋ ਗਈ ਸੀ।