ਪੰਜ ਵਿਦੇਸ਼ੀ ਨਾਗਰਿਕ ਜੋ ਬਿਨਾਂ ਸਹੀ ਦਸਤਾਵੇਜ਼ਾਂ ਦੇ ਫਿਲੀਪੀਨਜ਼ ਵਿੱਚ ਦਾਖਲ ਹੋਏ ਸਨ, ਨੂੰ ਫਿਲੀਪੀਨ ਕੋਸਟ ਗਾਰਡ (ਪੀਸੀਜੀ) ਨੇ ਤਾਵੀ-ਤਾਵੀ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਇਮੀਗ੍ਰੇਸ਼ਨ ਬਿਊਰੋ (ਬੀਆਈ) ਦੇ ਹਵਾਲੇ ਕਰ ਦਿੱਤਾ ਗਿਆ ਸੀ।
ਬੀਆਈ ਨੇ ਕਿਹਾ ਕਿ ਪੰਜ ਵਿਦੇਸ਼ੀ ਨਾਗਰਿਕ , ਜਿਹਨਾਂ ਵਿੱਚ ਚਾਰ ਭਾਰਤੀ ਅਤੇ ਇੱਕ ਮਲੇਸ਼ੀਅਨ ਨੂੰ ਬੀਤੀ 28 ਜੂਨ ਨੂੰ ਇੱਕ ਕਿਸ਼ਤੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।
ਉਨ੍ਹਾਂ ‘ਤੇ ਫਿਲੀਪੀਨ ਇਮੀਗ੍ਰੇਸ਼ਨ ਐਕਟ 1940 ਦੀ ਧਾਰਾ 37(ਏ)(1) ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਪ੍ਰਵੇਸ਼ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਬੀਆਈ ਨੇ ਚਾਰ ਭਾਰਤੀ ਨਾਗਰਿਕਾਂ ਦੀ ਪਛਾਣ ਲਖਵਿੰਦਰ ਸਿੰਘ ਬਰਾੜ (30) , ਪਰਵਿੰਦਰ ਸਿੰਘ, 21; ਸੁਖਰਾਜ ਸਿੰਘ ਡੱਬ, 32; ਅਤੇ ਜਗਜੀਤ ਚੋਹਾਨ, 36 ਵਜੋਂ ਕੀਤੀ ਹੈ। ਮਲੇਸ਼ੀਆ ਦੇ ਨਾਗਰਿਕ ਦੀ ਪਛਾਣ ਬ੍ਰਾਇਨ ਜੋਏਲ ਐਨਜੀ, 25 ਵਜੋਂ ਹੋਈ ਹੈ।
ਬੀਆਈ ਨੇ ਕਿਹਾ ਕਿ “ਪੀਸੀਜੀ ਦੀ ਸ਼ੁਰੂਆਤੀ ਇੰਟਰਵਿਊ ਦੌਰਾਨ, ਸਾਰੇ ਚਾਰ ਭਾਰਤੀ ਨਾਗਰਿਕਾਂ ਦੇ ਪਾਸਪੋਰਟ ਤੇ ਕੋਈ ਇਮੀਗ੍ਰੇਸ਼ਨ ਸਟੈਂਪ ਨਹੀਂ ਸੀ, ਜਦੋਂ ਕਿ ਬ੍ਰਾਇਨ ਆਪਣਾ ਪਾਸਪੋਰਟ ਪੇਸ਼ ਕਰਨ ਵਿੱਚ ਅਸਮਰੱਥ ਸੀ।”
ਇਮੀਗ੍ਰੇਸ਼ਨ ਦੇ ਹਵਾਲੇ ਕਰਨ ਤੋਂ ਬਾਅਦ, ਬਿਊਰੋ ਨੇ ਕਿਹਾ ਕਿ ਉਸਨੇ ਪਾਇਆ ਕਿ “ਚਾਰੇ ਭਾਰਤੀਆਂ ਨੂੰ ਬਲੈਕਲਿਸਟ ਵਿੱਚ ਸ਼ਾਮਲ ਕੀਤਾ ਗਿਆ ਹੈ।
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਬ੍ਰਾਇਨ ਉੱਪਰ”ਤਸਕਰੀ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੈ।”
ਇਮੀਗ੍ਰੇਸ਼ਨ ਕਮਿਸ਼ਨਰ ਨੌਰਮਨ ਟੈਨਸਿੰਗਕੋ ਨੇ ਕਿਹਾ, “ਫਿਲੀਪੀਨਜ਼ ਨੂੰ ਗੈਰ-ਕਾਨੂੰਨੀ ਪ੍ਰਵੇਸ਼ ਕਰਨ ਵਾਲਿਆਂ ਤੋਂ ਬਚਾਉਣ ਲਈ ਦੇਸ਼ ਦੇ ਵਿਸ਼ਾਲ ਸਮੁੰਦਰੀ ਕਿਨਾਰਿਆਂ ਦੀ ਨਿਗਰਾਨੀ ਕਰਨ ਲਈ ਸਰਕਾਰੀ ਏਜੰਸੀਆਂ ਨਾਲ ਸਾਡਾ ਨਜ਼ਦੀਕੀ ਤਾਲਮੇਲ ਜ਼ਰੂਰੀ ਹੈ।”
“ਪੀਸੀਜੀ ਅਤੇ ਬੀਆਈ ਵਿਚਕਾਰ ਸਾਂਝੇਦਾਰੀ ਇਹਨਾਂ ਗੈਰ-ਕਾਨੂੰਨੀ ਪਰਦੇਸੀਆਂ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਮਹੱਤਵਪੂਰਨ ਹੈ,” ਉਸਨੇ ਅੱਗੇ ਕਿਹਾ।