ਜਲੰਧਰ ਦੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਗੈਂਗਸਟਰ ਲਖਬੀਰ ਸਿੰਘ ਅਤੇ ਉਸ ਦੇ ਸਾਥੀਆਂ ਦੇ 6 ਪਰਿਵਾਰਕ ਮੈਂਬਰਾਂ ਨੂੰ ਜਲੰਧਰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ। ਵੀਰਵਾਰ ਦੇਰ ਰਾਤ ਤੱਕ ਪੰਜ ਥਾਣਿਆਂ ਦੀ ਪੁਲਿਸ ਨੇ ਗੈਂਗਸਟਰ ਦੇ ਪਰਿਵਾਰਕ ਮੈਂਬਰਾਂ ਦੀ ਗਿ੍ਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਜਾਰੀ ਰੱਖੀ।
ਇਸ ਤੋਂ ਬਾਅਦ ਗੈਂਗਸਟਰ ਲਖਬੀਰ ਸਿੰਘ ਦੀ ਮਾਂ, ਭੈਣ ਤੇ ਜੀਜੇ ਨਾਲ ਗੈਂਗਸਟਰ ਯਾਦਵਿੰਦਰ ਦੀ ਮਾਂ, ਪਿਤਾ ਤੇ ਭੈਣ ਨੂੰ ਗਿ੍ਫ਼ਤਾਰ ਕਰ ਲਿਆ ਗਿਆ।
ਪੁਲਿਸ ਨੇ ਸ਼ੁੱਕਰਵਾਰ ਨੂੰ ਲਖਬੀਰ ਸਿੰਘ ਦੀ ਮਾਂ ਪਰਮਿੰਦਰ ਕੌਰ, ਭੈਣ ਜਸਪਾਲ ਕੌਰ, ਜੀਜਾ ਰਣਜੋਤ ਸਿੰਘ, ਉਸ ਦੇ ਸਾਥੀ ਯਾਦਵਿੰਦਰ ਦੀ ਮਾਂ ਬਲਜੀਤ ਕੌਰ, ਪਿਤਾ ਜੈਕਾਰ ਸਿੰਘ ਅਤੇ ਭੈਣ ਹੁਸਨਪ੍ਰੀਤ ਕੌਰ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਇਆ। ਦੁਪਹਿਰ 3 ਵਜੇ ਦੇ ਕਰੀਬ ਮੈਡੀਕਲ ਕਰਵਾਉਣ ਤੋਂ ਕੁਝ ਸਮੇਂ ਬਾਅਦ ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਪੁਲਿਸ ਨੇ ਅਦਾਲਤ ਤੋਂ ਸਾਰਿਆਂ ਦਾ ਦੋ ਦਿਨ ਦਾ ਰਿਮਾਂਡ ਮੰਗਿਆ ਅਤੇ ਦਲੀਲ ਦਿੱਤੀ ਕਿ ਗਿ੍ਫ਼ਤਾਰ ਕੀਤੇ ਗਏ ਲੋਕਾਂ ਦੇ ਬੈਂਕ ਖਾਤਿਆਂ ਵਿਚ ਲੈਣ-ਦੇਣ ਅਤੇ ਮੋਬਾਈਲ ਕਾਲਾਂ ਦੇ ਵੇਰਵੇ ਦੀ ਲੋੜ ਹੈ। ਬਚਾਅ ਪੱਖ ਦੇ ਵਕੀਲਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਵੀਰਵਾਰ ਨੂੰ ਸਾਰਿਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਅਤੇ ਗਿ੍ਫ਼ਤਾਰੀ ਦੇਰ ਰਾਤ ਦਿਖਾਈ ਗਈ ਹੈ। ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਇਕ ਦਿਨ ਦਾ ਰਿਮਾਂਡ ਦੇ ਦਿੱਤਾ। ਪੁਲਿਸ ਨੇ ਮੁਲਜ਼ਮ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੀਭੁਗਤ ਕਰਨ ਤੇ ਸ਼ਹਿ ਦੇਣ ਦੇ ਦੋਸ਼ ‘ਚ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਦੇ ਮੋਬਾਈਲ ਫੋਨ ਫੋਰੈਂਸਿਕ ਜਾਂਚ ਲਈ ਆਪਣੇ ਕਬਜ਼ੇ ਵਿਚ ਲੈ ਲਏ ਹਨ ਅਤੇ ਸ਼ੁੱਕਰਵਾਰ ਨੂੰ ਕਈ ਘੰਟੇ ਪੁੱਛਗਿੱਛ ਜਾਰੀ ਰਹੀ। ਪੁਲਿਸ ਨੇ ਸਾਰਿਆਂ ਦੇ ਬੈਂਕ ਖਾਤਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬੈਂਕ ਦਾ ਲੈਣ-ਦੇਣ ਕਿਸ-ਕਿਸ ਨਾਲ ਹੋਇਆ।
ਵੀਰਵਾਰ ਨੂੰ ਜਲੰਧਰ ਕਮਿਸ਼ਨਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਦੋਸ਼ੀਆਂ ਦੇ ਪਰਿਵਾਰਕ ਮੈਂਬਰਾਂ ਦੇ ਘਰ ਪਹੁੰਚੀਆਂ ਸਨ ਅਤੇ ਕਈ ਘੰਟਿਆਂ ਤੱਕ ਚੱਲੀ ਛਾਪੇਮਾਰੀ ਦੌਰਾਨ ਪੁਲਿਸ ਉਨ੍ਹਾਂ ਤੱਕ ਪਹੁੰਚ ਗਈ ਸੀ। ਦੱਸ ਦਈਏ ਕਿ ਕੈਨੇਡਾ ’ਚ ਲੁਕੇ ਅੱਤਵਾਦੀ ਲਖਬੀਰ ਸਿੰਘ ਅਤੇ ਉਸ ਦੇ ਸਾਥੀ ਯਾਦਵਿੰਦਰ ਸਿੰਘ ਖ਼ਿਲਾਫ਼ ਪਿਛਲੇ 10 ਦਿਨਾਂ ’ਚ ਜਲੰਧਰ ਪੁਲਿਸ ਦੇ ਵੱਖ-ਵੱਖ ਥਾਣਿਆਂ ’ਚ ਦੋ ਮਾਮਲੇ ਦਰਜ ਕੀਤੇ ਗਏ ਸਨ। ਪਹਿਲਾ ਮਾਮਲਾ ਥਾਣਾ ਬਸਤੀ ਬਾਵਾ ਖੇਲ ’ਚ ਅਤੇ ਦੂਜਾ ਮਾਮਲਾ ਥਾਣਾ ਡਵੀਜ਼ਨ ਨੰਬਰ ਛੇ ’ਚ ਦਰਜ ਕੀਤਾ ਗਿਆ। ਉਸ ਨੇ ਮਾਡਲ ਟਾਊਨ ਦੇ ਇਕ ਵਪਾਰੀ ਤੋਂ ਦੋ ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ਥਾਣਾ ਛੇ ਦੀ ਪੁਲਿਸ ਨੇ ਇਸ ਮਾਮਲੇ ‘ਚ ਹਰੀਕੇ ਪੱਤਣ ਜ਼ਿਲ੍ਹਾ ਤਰਨਤਾਰਨ ਵਾਸੀ ਲਖਬੀਰ ਸਿੰਘ, ਯਾਦਵਿੰਦਰ ਸਿੰਘ ਅਤੇ ਸਤਵੀਰ ਸਿੰਘ ਨੂੰ ਨਾਮਜ਼ਦ ਕਰ ਕੇ ਮਾਮਲਾ ਦਰਜ ਕਰ ਲਿਆ ਸੀ। ਇਹ ਕੇਸ ਐੱਸਆਈ ਬਲਵਿੰਦਰ ਕੁਮਾਰ ਦੇ ਬਿਆਨਾਂ ’ਤੇ ਦਰਜ ਹੋਇਆ ਸੀ। ਇਸ ਤੋਂ ਪਹਿਲਾਂ 3 ਜੂਨ ਨੂੰ ਬਸਤੀ ਬਾਵਾ ਖੇਲ ਥਾਣੇ ਵਿਚ ਲਖਬੀਰ ਅਤੇ ਯਾਦਵਿੰਦਰ ਸਿੰਘ ਨੂੰ ਲੈਦਰ ਕੰਪਲੈਕਸ ਦੇ ਇਕ ਸਪੋਰਟਸ ਵਪਾਰੀ ਦੀ ਫੈਕਟਰੀ ਵਿਚ 5 ਕਰੋੜ ਰੁਪਏ ਦੀ ਫਿਰੌਤੀ ਲਈ ਗੋਲ਼ੀਆਂ ਚਲਾਉਣ ਦੇ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ। ਮੁੱਢਲੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਸੀ ਕਿ ਲਖਬੀਰ ਕੈਨੇਡਾ ਵਿੱਚ ਰਹਿ ਰਿਹਾ ਸੀ ਅਤੇ ਉਸ ਦਾ ਸਾਥੀ ਯਾਦਵਿੰਦਰ ਸਿੰਘ ਫਿਲੀਪੀਨਜ਼ ਦੇ ਮਨੀਲਾ ਵਿਚ ਰਹਿ ਰਿਹਾ ਸੀ।
ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਮੈਂਬਰ ਹੈ ਅੱਤਵਾਦੀ ਲਖਬੀਰ
ਤਰਨਤਾਰਨ ਦੇ ਹਰੀਕੇ ਪੱਤਣ ਦਾ ਰਹਿਣ ਵਾਲਾ ਲਖਬੀਰ ਸਿੰਘ ਮੋਸਟ ਵਾਂਟੇਡ ਹੈ। ਉਹ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਦਾ ਮੈਂਬਰ ਤੇ ਗੈਂਗਸਟਰ ਹੈ ਅਤੇ ਕੈਨੇਡਾ ਵਿਚ ਬੈਠ ਕੇ ਭਾਰਤ ਵਿਰੋਧੀ ਗਤੀਵਿਧੀਆਂ ਕਰਦਾ ਹੈ। ਗ੍ਰਹਿ ਮੰਤਰਾਲੇ ਨੇ ਲਖਬੀਰ ਸਿੰਘ ਵਿਰੁੱਧ ਯੂਏਪੀਏ ਲਗਾ ਕੇ ਉਸ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਉਸ ’ਤੇ ਮੋਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਰਾਕੇਟ ਦੀ ਮਦਦ ਨਾਲ ਗ੍ਰਨੇਡ ਹਮਲਾ ਕਰਨ ਅਤੇ ਪਾਕਿਸਤਾਨ ਤੋਂ ਭਾਰਤ ਨੂੰ ਹਥਿਆਰਾਂ ਅਤੇ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸਾਂ (ਆਈਈਡੀ) ਦੀ ਤਸਕਰੀ ਦੀ ਨਿਗਰਾਨੀ ਕਰਨ ਦਾ ਵੀ ਦੋਸ਼ ਹੈ। ਐੱਨਆਈਏ ਨੇ ਲਖਬੀਰ ਸਿੰਘ ’ਤੇ ਇਨਾਮ ਵੀ ਰੱਖਿਆ ਹੋਇਆ ਹੈ।