ਨੇੜਲੇ ਪਿੰਡ ਕੋਟੜਾ ਅਮਰੂ ਦੇ ਨੌਜਵਾਨ ਪਰਮਦੇਵ ਦੀਪੂ ਦਾ ਮਨੀਲਾ ਵਿਖੇ ਕੁੱਝ ਵਿਅਕਤੀਆਂ ਵੱਲੋਂ ਗੋਲ਼ੀਆਂ ਮਾਰ ਕੇ ਦਸ ਕੁ ਦਿਨ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੀ ਲਾਸ਼ 3 ਅਪ੍ਰੈਲ ਨੂੰ ਪਿੰਡ ਵਿਖੇ ਪੁੱਜੀ ਅਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੀਪੂ ਬਹੁਤ ਵਧੀਆ ਮੁੰਡਾ ਸੀ ਅਤੇ ਕੁਝ ਕੁ ਸਾਲ ਪਹਿਲਾਂ ਮਨੀਲਾ ਗਿਆ ਸੀ ਅਤੇ ਦਸ ਕੁ ਦਿਨ ਪਹਿਲਾਂ ਉੱਥੇ ਉਸਦਾ ਗੋਲੀਆਂ ਮਾਰ ਕੇ ਕੁਝ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਮਨੀਲਾ ਵਿਖੇ ਉਸ ਦੀ ਪਤਨੀ ਅਤੇ ਤਿੰਨ ਮਹੀਨੇ ਦੀ ਲੜਕੀ ਹੈ। ਇਸ ਮੌਕੇ ਸਸਕਾਰ ‘ਤੇ ਭਾਜਪਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਅਤੇ ਉਨ੍ਹਾਂ ਦੇ ਪਤੀ ਹਰਮਨਦੇਵ ਬਾਜਵਾ ਵੀ ਪਰਿਵਾਰ ਨਾਲ ਦੁੱਖ ਵੰਡਾਉਣ ਪੁੱਜੇ।
ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਭਾਜਪਾ ਸਕੱਤਰ ਨੇ ਕਿਹਾ ਕਿ ਅੱਜ ਦੀਪੂ ਸਾਨੂੰ ਵਿਛੋੜਾ ਦੇ ਗਿਆ। ਇਸ ਤੋਂ ਦਰਦਨਾਕ ਗੱਲ ਕੋਈ ਨਹੀਂ ਹੋ ਸਕਦੀ। ਉਸ ਦੀ ਬੜੀ ਬੇਰਹਿਮੀ ਨਾਲ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਅਸੀਂ ਮਿਲ ਕੇ ਉਸ ਨੂੰ ਇਨਸਾਫ ਦਿਵਾਉਣ ਲਈ ਕੇਂਦਰੀ ਮੰਤਰੀ ਅਤੇ ਅੰਬੈਂਸੀ ਨਾਲ ਸੰਪਰਕ ਕਰਾਂਗੇ ਤਾਂ ਕਿ ਉਸ ਦੇ ਕਾਤਲਾਂ ਨੂੰ ਸਜ਼ਾ ਮਿਲ ਸਕੇ। ਸਾਡਾ ਦੀਪੂ ਤਾਂ ਵਾਪਸ ਨਹੀਂ ਆ ਸਕਦਾ ਪਰ ਅਜਿਹੇ ਵਿਅਕਤੀਆਂ ਨੂੰ ਸਜ਼ਾ ਦਵਾ ਕੇ ਅਸੀਂ ਇਨਸਾਫ ਜ਼ਰੂਰ ਦਵਾਵਾਂਗੇ।
ਇਸ ਦੌਰਾਨ ਪਿੰਡ ਦੇ ਵਿਅਕਤੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਨਾ ਕੁ ਪਤਾ ਹੈ ਕਿ ਪਹਿਲਾਂ ਦੋ ਬੰਦੇ ਆਏ ਅਤੇ ਉਨ੍ਹਾਂ ਨੇ ਫਿਰ ਤੀਜਾ ਬੰਦਾ ਬੁਲਾਇਆ। ਇਸ ਤੋਂ ਬਾਅਦ ਦੀਪੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੀਪੂ ਕੋਲ ਪੈਸੇ ਸੀ ਉਨ੍ਹਾਂ ਨੇ ਪੈਸੇ ਨਹੀਂ ਕੱਢੇ। ਇਸ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ।